ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ, ਜੋਸ਼-ਖਰੋਸ਼ ਨਾਲ ਸ਼ੁਰੂ ਹੋਇਆ

ਜਲੰਧਰ 22 ਜੂਨ (ਜਸਵਿੰਦਰ ਆਜ਼ਾਦ)- ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ, ਜੋਸ਼-ਖਰੋਸ਼ ਨਾਲ ਸ਼ੁਰੂ ਹੋਇਆ। ਚੇਤਨਾ ਕੈਂਪ, ਦੁਨੀਆਂ ਦੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦੀ ਦੋ ਸੌ ਸਾਲਾਂ (1818-2018) ਜਨਮ ਵਰੇ ਗੰਢ ਨੂੰ ਸਮਰਪਤ ਕੀਤਾ ਗਿਆ। ਉਨਾਂ ਦੇ ਨਾਲ ਹੀ ਇਸ ਕੈਂਪ ਵਿੱਚ ਉਚੇਚੇ ਤੌਰ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ, ਸਾਬਕਾ ਜਨਰਲ ਸਕੱਤਰ ਗੰਧਰਵ ਸੈਨ ਕੋਛੜ ਨੂੰ ਵੀ ਸਿਜਦਾ ਕੀਤਾ ਗਿਆ।
ਸਿਖਿਆਰਥੀ ਚੇਤਨਾ ਕੈਂਪ ਦੇ ਉਦਘਾਟਨੀ ਸਮਾਗਮ ਸਮੇਂ ਸ਼ਮਾ ਰੌਸ਼ਨ ਕਰਨ ਦੀ ਰਸਮ, ਕਾਮਰੇਡ ਗੰਧਰਵ ਸੈਨ ਕੋਛੜ ਦੀ ਧੀ, ਇਨਕਲਾਬੀ ਸੰਗਰਾਮਣ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਕੀਤੀ। ਉਹਨਾਂ ਦੇ ਨਾਲ ਕਮੇਟੀ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੀਤਲ ਸਿੰਘ ਸੰਘਾ, ਚਰੰਜੀ ਲਾਲ ਕੰਗਣੀਵਾਲ, ਮੰਗਤ ਰਾਮ ਪਾਸਲਾ, ਜਗਰੂਪ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ, ਮਨਜੀਤ ਸਿੰਘ ਅਤੇ ਦੇਵ ਰਾਜ ਨਯੀਅਰ ਵੀ ਸ਼ਮਾ ਰੌਸ਼ਨ ਸਮੇਂ ਹਾਜ਼ਰ ਸਨ।
ਸ਼ਮਾ ਰੌਸ਼ਨ ਕਰਨ ਮੌਕੇ ਕੈਂਪ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਸਿਖਿਆਰਥੀਆਂ ਸਾਹਮਣੇ ਬਹੁਤ ਹੀ ਚੁਣੌਤੀ ਭਰੀਆਂ ਹਾਲਤਾਂ ਦਰਪੇਸ਼ ਹਨ। ਇਹਨਾਂ ਗੰਭੀਰ ਹਾਲਤਾਂ ਨੂੰ ਬਦਲਕੇ ਨਵਾਂ-ਨਰੋਆ, ਲੁੱਟ ਅਤੇ ਜ਼ਬਰ ਰਹਿਤ, ਜਮਹੂਰੀ, ਖੁਸ਼ਹਾਲ, ਬਰਾਬਰੀ ਅਤੇ ਨਿਆਂ ਭਰਿਆ ਸਮਾਜ ਸਿਰਜਣ ਲਈ ਤੁਸੀਂ ਸਮੇਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸੁਆਲ ਕਰਨ ਅਤੇ ਸੰਗਰਾਮ ਕਰਨ ਦਾ ਪਰਚਮ ਉਠਾਉਣ ਲਈ ਅੱਗੇ ਆਓ। ਇਸ ਮੌਕੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਬਲਬੀਰ ਪਰਵਾਨਾ ਦੀ ਨਜ਼ਮ 'ਮਾਰਕਸਵਾਦ: ਜ਼ਿੰਦਾਬਾਦ' ਅਤੇ ਕਾਰਲ ਮਾਰਕਸ ਦੀ ਨਜ਼ਮ 'ਜ਼ਿੰਦਗੀ ਦਾ ਮਕਸਦ' ਪੇਸ਼ ਕਰਦਿਆਂ ਸਿਖਿਆਰਥੀਆਂ ਨੂੰ ਮਾਰਕਸੀ ਦਰਸ਼ਨ ਅਤੇ ਜ਼ਿੰਦਗੀ ਦੀ ਅਟਲ ਹਕੀਕਤ ਦੇ ਰੂਬਰੂ ਕੀਤਾ ਅਤੇ ਕਵਿਤਾ ਦੀ ਸ਼ਕਤੀ ਬਾਰੇ ਦੱਸਿਆ।
ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਦਰਸ਼ਨ, ਇਤਿਹਾਸ, ਸਾਹਿਤ, ਸਭਿਆਚਾਰ ਨੂੰ ਸਮਝਦਿਆਂ ਨਵਾਂ ਮਨੁੱਖ ਪੈਦਾ ਕਰਨ ਦੇ ਉਦੇਸ਼ ਨਾਲ ਸਿਖਿਆਰਥੀ ਚੇਤਨਾ ਕੈਂਪ ਲਾਇਆ ਜਾਂਦਾ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਸਿਖਿਆਰਥੀ ਆਪਣੇ ਮਿਹਨਤਕਸ਼ ਸਮਾਜ ਦੀ ਮੁਕਤ ਦੇ ਮਾਰਗ ਨੂੰ ਸਮਝਣ ਲਈ ਕੈਂਪ ਵਿੱਚੋਂ ਬਹੁਤ ਕੁੱਝ ਹਾਸਲ ਕਰਕੇ ਜਾਣਗੇ, ਜੋ ਕੁਝ ਉਹਨਾਂ ਨੂੰ ਪਰੰਪਰਾਗਤ ਅਕਾਦਮਿਕ ਅਦਾਰਿਆਂ ਵਿੱਚੋਂ ਨਹੀਂ ਮਿਲ ਸਕਦਾ।
ਉਦਘਾਟਨੀ ਦਿਨ ਦੇ ਮੁੱਖ ਬੁਲਾਰੇ, ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਨੇ 'ਮਾਰਕਸਵਾਦ: ਦਰਸ਼ਨ ਅਤੇ ਵਿਧੀ' ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਜਿੰਨੀ ਮਨੁੱਖ ਨੇ ਵਿਚਾਰਾਂ ਅਤੇ ਵਿਗਿਆਨ ਦੇ ਪੱਧਰ 'ਤੇ ਤਰੱਕੀ ਕੀਤੀ ਹੈ ਅਸੀਂ ਮਨੁੱਖੀ ਤਰੱਕੀ ਨਾਲ ਇਸਦੇ ਅੰਤਰ-ਸਬੰਧ ਨੂੰ ਸਮਝਕੇ ਹੀ ਪਦਾਰਥਕ ਜੀਵਨ ਦਾ ਭੇਦ ਪਾ ਸਕਦੇ ਹਾਂ। ਉਹਨਾਂ ਨੇ ਮਾਰਕਸ, ਏਂਗਲਜ਼ ਅਤੇ ਜੈਨੀ ਦੀ ਸੰਘਰਸ਼ ਭਰੀ ਜ਼ਿੰਦਗੀ 'ਤੇ ਚਾਨਣ ਪਾਉਂਦਿਆਂ ਕਿਹਾ ਕਿ ਅਜੋਕੇ ਅਤੇ ਭਵਿੱਖ ਦੇ ਸਮੇਂ ਦਾ ਸਰਵੋਤਮ ਫਲਸਫ਼ਾ ਅੱਜ ਵੀ ਮਾਰਕਸੀ ਦਰਸ਼ਨ ਹੀ ਹੈ।
ਉਹਨਾਂ ਕਿਹਾ ਕਿ ਪਦਾਰਥ ਗਤੀਸ਼ੀਲ ਹੈ। ਮਾਰਕਸੀ ਦਰਸ਼ਨ ਹੀ ਸਾਨੂੰ ਇਹ ਦਰਸਾਉਂਦਾ ਹੈ ਕਿ ਜੋ ਲੁੱਟ, ਜ਼ਬਰ 'ਤੇ ਅਧਾਰਤ ਅੱਜ ਪ੍ਰਬੰਧ ਚੱਲ ਰਿਹਾ ਹੈ, ਇਹ ਸਦੀਵੀ ਨਹੀਂ। ਉਦੋਂ ਤੱਕ ਸੰਗਰਾਮ ਜਾਰੀ ਰਹੇਗਾ ਜਦੋਂ ਤੱਕ ਮਨੁੱਖੀ ਜ਼ਿੰਦਗੀ ਦੀ ਤਰੱਕੀ, ਖੁਸ਼ਹਾਲੀ ਅਤੇ ਸਵੈ-ਮਾਣ ਭਰਿਆ ਨਿਜ਼ਾਮ ਸਿਰਜ ਨਹੀਂ ਲਿਆ ਜਾਂਦਾ। ਇਹ ਵਿਚਾਰਧਾਰਕ ਪਰਪੱਕਤਾ ਅਤੇ ਮਾਰਗ-ਦਰਸ਼ਨ ਦਿੰਦਾ ਹੈ। ਸਾਨੂੰ ਮਾਰਕਸੀ ਦਰਸ਼ਨ ਇਸ ਦੀ ਢੁੱਕਵੀਂ ਵਿਧੀ ਨੂੰ ਸਮਝਕੇ ਅਤੇ ਲਾਗੂ ਕਰਕੇ ਹੀ ਅਸੀਂ ਨਵਾਂ ਇਤਿਹਾਸ ਸਿਰਜ ਸਕਦੇ ਹਾਂ। ਅਖੀਰ ਵਿੱਚ ਵਿਦਿਆਰਥੀਆਂ ਵਲੋਂ ਸੁਆਲ ਕੀਤੇ ਗਏ, ਜਿਸ ਦਾ ਡਾ. ਪਰਮਿੰਦਰ ਨੇ ਤਸੱਲੀਪੂਰਵਕ ਜਵਾਬ ਦਿੱਤੇ। 23 ਜੂਨ ਸਵੇਰੇ ਸੈਸ਼ਨ ਨੂੰ ਜਗਰੂਪ ਅਤੇ ਸ਼ਾਮ ਸੈਸ਼ਨ ਨੂੰ ਪ੍ਰੋ. ਆਨੰਦ ਤੈਲਤੁੰਬੜੇ ਸੰਬੋਧਨ ਕਰਨਗੇ ਅਤੇ ਸ਼ਾਮ ਨੂੰ ਪੀਪਲਜ਼ ਵਾਇਸ ਵੱਲੋਂ 'ਦੀ ਵਰਡ ਬੀਫੋਰ ਹਰ' (ਨਿਸ਼ਾ ਪਖ਼ੂਜਾ), ਗੌਰੀ ਲੰਕੇਸ਼ (ਜਫ਼ਰ ਸਾਦਿਕ) ਫ਼ਿਲਮਾਂ ਵਿਖਾਈਆਂ ਜਾਣਗੀਆਂ।
Share on Google Plus

About Unknown

    Blogger Comment
    Facebook Comment

0 comments:

Post a Comment