ਪਿੰਡਾਂ 'ਚ ਨਰਮੇ ਦੀ ਫ਼ਸਲ ਦੇ ਨਿਰੀਖਣ ਸਬੰਧੀ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਕੀਤਾ ਗਿਆ ਦੌਰਾ

ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨਾਂ ਦੌਰਾਨ ਜ਼ਿਲੇ 'ਚ ਹੋਈ ਬਰਸਾਤ ਤੋਂ ਬਾਅਦ ਬਲਾਕ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ, ਜੋਗੇਵਾਲਾ, ਨਸੀਬਪੁਰਾ, ਤਲਵੰਡੀ ਸਾਬੋ ਦੇ ਕੁੱਝ ਖੇਤਾਂ ਵਿੱਚ ਨਰਮੇ ਦੀ ਫ਼ਸਲ ਸੁੱਕਣ/ਮੱਚਣ ਸਬੰਧੀ ਕੇਸ ਸਾਹਮਣੇ ਆਏ ਹਨ। ਇਸ ਸਬੰਧੀ ਡਾ. ਗੁਰਦਿੱਤਾ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਬਣਾਕੇ ਸਬੰਧਤ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ।
ਵਿਭਾਗ ਦੁਆਰਾ ਗਠਿਤ ਕੀਤੀਆਂ ਟੀਮਾਂ ਵਲੋਂ ਸਬੰਧਤ ਕਿਸਾਨਾਂ ਦੇ ਖੇਤਾਂ ਵਿੱਚ ਮਿੱਟੀ ਅਤੇ ਟਿਊਬਵੈਲਾਂ ਦੇ ਪਾਣੀ ਦੇ ਸੈਂਪਲ ਲਏ ਗਏ। ਨਿਰੀਖਣ ਦੌਰਾਨ ਨਰਮੇ ਦੀ ਫ਼ਸਲ ਵਿੱਚ ਪੈਰਾਵਿਲਟ ਅਤੇ ਸਾਲਟ ਟੋਕਸੀਸੀਟੀ ਦੇ ਕਾਰਨ ਮੁੱਖ ਤੌਰ 'ਤੇ ਉਭਰ ਕੇ ਸਾਹਮਣੇ ਆਏ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿਊਬਵੈਲਾਂ ਦੇ ਪਾਣੀ ਦੀ ਚਾਲਕਤਾ 2000 ਮਾਈਕ੍ਰਰੋ-ਮੋਹਸ ਤੱਕ ਸਿੰਚਾਈ ਲਈ ਢੁਕਵੀਂ ਹੁੰਦੀ ਹੈ ਪ੍ਰੰਤੂ ਜਦੋਂ ਪ੍ਰਭਾਵਿਤ ਪਿੰਡ ਮਲਕਾਣਾ ਦੇ ਕਿਸਾਨਾਂ ਦੇ ਪਾਣੀ ਦੇ ਸੈਂਪਲ ਵਿਭਾਗ ਵਲੋਂ ਟੈਸਟ ਕੀਤੇ ਗਏ ਤਾਂ ਕਿਸਾਨ ਰਾਜਿੰਦਰ ਸਿੰਘ-6592, ਗੁਰਪਾਲ ਸਿੰਘ-7680, ਹਰਪਾਲ ਸਿੰਘ-7040, ਅੰਮ੍ਰਿਤਪਾਲ ਸਿੰਘ 7370 ਅਤੇ ਭਾਈ ਬਖਤੌਰ ਦੇ ਕਿਸਾਨ ਮੁਖਤਿਆਰ ਸਿੰਘ ਦੀ ਚਾਲਕਤਾ 6590 ਨਿਰਧਾਰਿਤ ਪੈਮਾਨੇ ਤੋਂ ਬਹੁਤ ਜ਼ਿਆਦਾ ਪਾਈ ਗਈ।
ਬਰਸਾਤ ਹੋਣ ਕਾਰਨ ਇਹ ਸਾਲਟ ਬੂਟਿਆਂ ਦੀਆਂ ਜੜਾਂ ਵਿਚ ਇਕੱਠਾ ਹੋਣ ਕਰਕੇ ਨਰਮੇ ਦੇ ਬੂਟੇ ਸੁੱਕਣ ਲੱਗ ਗਏ, ਜਦੋਂਕਿ ਇਹ ਸਮੱਸਿਆ ਬੈਡਾਂ ਉਪਰ ਕੀਤੀ ਬਿਜਾਈ ਵਿੱਚ ਪਾਈ ਗਈ ਹੈ, ਕਿਉਂਕਿ ਬੂਟੇ ਬੈਡਾਂ ਦੇ ਕਿਨਾਰਿਆਂ 'ਤੇ ਲੱਗੇ ਹੁੰਦੇ ਹਨ ਅਤੇ ਇਹ ਸਾਲਟ ਪਾਣੀ ਵਿੱਚ ਘੁਲ ਕੇ ਕਿਨਾਰਿਆਂ 'ਤੇ ਜਿਆਦਾ ਇਕੱਠੇ ਹੋ ਜਾਂਦੇ ਹਨ। ਵਿਭਾਗ ਵਲੋਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਗਈ ਕਿ ਜਿੱਥੇ ਇਹ ਸਮੱਸਿਆ ਸ਼ੁਰੂ ਹੁੰਦੀ ਹੈ ਤਾਂ ਬੈਡਾਂ ਨੂੰ ਤੋੜ ਕੇ ਨਹਿਰੀ ਪਾਣੀ ਨਾਲ ਸਿੰਚਾਈ ਕੀਤੀ ਜਾਵੇ। ਜਿਨਾਂ ਖੇਤਾਂ ਵਿੱਚ ਪੈਰਾਬਿਲਟ ਦੀ ਸਮੱਸਿਆ ਹੈ ਤਾਂ ਉੱਥੇ ਇੱਕ ਗਰਾਮ ਕੋਬਾਲਟ ਕਲੋਰਾਇਡ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਭਾਵਿਤ ਬੂਟਿਆਂ ਉਪਰ ਸਪਰੇ ਕੀਤੀ ਜਾਵੇ। ਕਿਸਾਨ ਵੀਰ ਜਿੰਨਾ ਵੀ ਸੰਭਵ ਹੋ ਸਕੇ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਹੀ ਵਰਤੋਂ ਕਰਨ।
Share on Google Plus

About Unknown

    Blogger Comment
    Facebook Comment

0 comments:

Post a Comment