ਨਾਨ ਟੀਚਿੰਗ ਕਰਮਚਾਰੀਆਂ ਨੇ ਕੀਤੀ ਡੀਏਵੀ ਮੈਨੇਜਮੇਂਟ ਖਿਲਾਫ ਨਾਅਰੇਬਾਜੀ

ਜਲੰਧਰ 24 ਮਈ (ਜਸਵਿੰਦਰ ਆਜ਼ਾਦ)- ਡੀਏਵੀ ਕਾਲਜ ਕੋ-ਆਰਡੀਨੇਸ਼ਨ ਕਮੇਟੀ ਪੰਜਾਬ ਨਾਨ ਟੀਚਿੰਗ ਦੀ ਅਗੁਵਾਈ ਹੇਠ ਮੇਹਰ ਚੰਦ ਟੈਕਨੀਕਲ ਇੰਸਟੀਚਿਉਟ ਜਲੰਧਰ ਦੇ ਬਾਹਰ ਵੱਖ-ਵੱਖ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੇ ਡੀਏਵੀ ਮੈਨੇਜਮੇਂਟ ਦੇ ਖਿਲਾਫ ਨਾਅਰੇਬਾਜੀ ਕੀਤੀ। ਇਸ ਗੇਟ ਰੈਲੀ ਦੀ ਅਗੁਵਾਈ ਸ਼੍ਰੀ ਜਗਦੀਪ ਸਿੰਘ, ਜਨਰਲ ਸਕੱਤਰ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ  ਅਤੇ ਸ਼੍ਰੀ ਸੁਨੀਲ ਕੁਮਾਰ, ਕਨਵੀਨਰ ਡੀਏਵੀ ਕਾਲਜ ਕੋ-ਆਰਡੀਨੇਸ਼ਨ ਕਮੇਟੀ ਪੰਜਾਬ ਨਾਨ ਟੀਚਿੰਗ ਨੇ ਕੀਤੀ। ਇਸ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਵੱਲੋਂ ਕੁੱਝ ਮੰਗਾਂ ਤਾਂ ਮਨ ਲਈਆਂ ਗਈਆਂ ਹਨ ਪਰ ਕੁੱਝ ਅਜੇ ਵੀ ਪਿਛਲੇ ਲੰਮੇ ਸਮੇਂ ਤੋਂ ਚਲਦੀਆਂ ਆ ਰਹੀਆਂ ਹਨ ਜਿਨ੍ਹਾਂ ਤੇ ਅਜੇ ਤੱਕ ਕੋਈ ਵਿਚਾਰ ਨਹੀਂ ਕੀਤਾ ਗਿਆ ਜਿਸ ਕਰਕੇ ਡੀਏਵੀ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਹਨਾਂ ਮੰਗਾਂ ਵਿੱਚ ਪੰਜਾਬ ਦੇ ਕੁੱਝ ਕਾਲਜਾਂ ਦੇ ਕਰਮਚਾਰੀਆਂ ਨੂੰ ਪਿਛਲੇ 5 ਮਹੀਨੀਆਂ ਤੋਂ ਤਨਖਾਹ ਨਹੀਂ ਮਿਲੀ ਹੈ ਅਤੇ ਪ੍ਰਿੰਸੀਪਲਾਂ ਵੱਲੋਂ ਤਨਖਾਹ ਦਵਾਉਣ ਲਈ ਕੋਈ ਵੀ ਪ੍ਰਭਾਵੀ ਕਦਮ ਨਹੀਂ ਚੁੱਕੇ ਜਾ ਰਹੇ। ਇਸੇ ਤਰਾਂ ਮੋਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਨੂੰ ਰੈਗੁਲਰ ਨੌਕਰੀ ਦੇਣਾ, ਰੁਕੀਆਂ ਹੋਇਆਂ ਤਰੱਕੀ ਦੇ ਕੇਸਾਂ ਦਾ ਨਿਪਟਾਰਾ ਸਹਿਤ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਡੀਪੀਆਈ ਕਾਲਜ ਪੰਜਾਬ ਵੱਲੋਂ ਮੰਜੂਰ ਕੀਤੀਆਂ ਗਈਆਂ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਪੋਸਟਾਂ ਭਰਨਾ ਆਦਿ ਹਨ।
ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਜਗਦੀਪ ਸਿੰਘ ਨੇ ਕਿਹਾ ਕਿ ਜੇਕਰ ਕਾਲਜਾਂ ਦੇ ਕੋਲ ਤਨਖਾਹ ਦੇਣ ਲਈ ਪੈਸਾ ਨਹੀਂ ਹੈ ਤਾਂ ਕਾਲਜ ਪ੍ਰਿੰਸੀਪਲ ਨੂੰ ਆਪਣੇ ਖਰਚੇ ਘਟਾਉਣੇ ਚਾਹੀਦੇ ਹਨ ਬੇਮਤਲਬ ਕਾਲਜਾਂ ਵਿੱਚ ਕੱਚੇ ਢਾਂਚੇ ਨਹੀਂ ਖੜੇ ਕਰਨੇ ਚਾਹੀਦੇ ਜਦਕਿ ਕਿਸੇ ਵੀ ਕਾਲਜ ਨੂੰ ਚਲਾਉਣ ਲਈ ਸਭ ਤੋਂ ਪਹਿਲਾਂ ਉਸਦੇ ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦੇਣਾ ਜਰੂਰੀ ਹੁੰਦਾ ਹੈ ਪਰ ਪ੍ਰਿੰਸੀਪਲ ਇਸ ਤੇ ਜੋਰ ਦੇਣ ਦੀ ਬਜਾਏ ਬਿਲਡਿੰਗਾਂ ਬਨਾਉਣ ਤੇ ਜੋਰ ਦੇ ਰਹੇ ਹਨ। ਤਨਖਾਹ ਨਾ ਮਿਲਣ ਕਾਰਣ ਕਰਮਚਾਰੀਆਂ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਅਤੇ ਉਹਨਾਂ ਦੀਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੀਤੇ ਜਾਣ ਵਾਲੇ ਖਰਚੇ ਲਈ ਉਹਨਾਂ ਨੂੰ ਮੰਦਹਾਲੀ ਦਾ ਸਾਮਨਾ ਕਰਨਾ ਪੈਂਦਾ ਹੈ।
ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਭੁਪਿੰਦਰ ਠਾਕੁਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਡੀ.ਪੀ.ਆਈ. ਕਾਲਜ ਪੰਜਾਬ ਵੱਲੋਂ ਗ੍ਰਾਂਟ ਲੈਣ ਲਈ ਵੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਨਾਲ ਕਾਲਜਾਂ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਉਹਨਾਂ ਇਸ ਤਰ੍ਹਾਂ ਦੇ ਕਰਮਚਾਰੀ ਵਿਰੋਧੀ ਵਿਹਾਰ ਦੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਂਝ ਦਾ ਿਿਪ੍ਰੰਸੀਪਲ ਆਪਣੇ ਆਪਣੇ ਕਾਲਜਾਂ ਵਿੱਚ ਕਹਿੰਦੇ ਫਿਰਦੇ ਨੇ ਕਿ ਨਾਨ ਟੀਚਿੰਗ ਕਰਮਚਾਰੀ ਕਾਲਜਾਂ ਦੀ ਰੀਡ ਦੀ ਹੱਡੀ ਹੈ ਪਰ ਭੱਤੇ ਦੇਣ ਲੱਗਿਆਂ ਇਹ ਆਪਣੇ ਬੋਲਾਂ ਤੇ ਖਰੇ ਨਹੀਂ ਉਤਰਦੇ।
ਡੀਏਵੀ ਕਾਲਜ ਕੋ-ਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਸ਼੍ਰੀ ਸੁਨੀਲ ਕੁਮਾਰ ਨੇ ਕਿਹਾ ਜੇਕਰ ਸਮਾਂ ਰਹਿੰਦਿਆਂ ਡੀਏਵੀ ਮੈਨੇਜਮੇਂਟ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਕਾਲਜਾਂ ਵਿੱਚ ਜੋ ਅਵਿਵਸਥਾ ਦਾ ਮਹੋਲ ਹੋਵੇਗਾ ਉਸਦੀ ਜਿੰਮੇਦਾਰੀ ਡੀਏਵੀ ਮੈਨੇਜਮੇਂਟ ਦੀ ਹੋਵੇਗੀ।
ਇਸ ਮੌਕੇ ਤੇ ਪੀਸੀਐਨਟੀਈਯੂ ਪੰਜਾਬ ਦੇ ਉੱਪ ਪ੍ਰਧਾਨ ਦੀਪਕ ਸ਼ਰਮਾ ਡੀਏਵੀ ਕਾਲਜ ਅੰਮ੍ਰਿਤਸਰ, ਵਿੱਤ ਸਕੱਤਰ ਅਰੁਣ ਪਰਾਸ਼ਰ ਡੀਏਵੀ ਕਾਲਜ ਜਲੰਧਰ, ਸਹਿ ਸਕੱਤਰ ਰਜੀਵ ਭਾਟੀਆ ਐਚ.ਐਮ.ਵੀ. ਕਾਲਜ ਜਲੰਧਰ, ਕੋ-ਕਨਵੀਨਰ ਸ਼੍ਰੀ ਰਵੀ ਮੈਨੀ, ਸ਼੍ਰੀ ਅਰਵਿੰਦ ਸ਼ਰਮਾ, ਸਾਬਕਾ ਪ੍ਰਧਾਨ ਸ਼੍ਰੀ ਮਦਨ ਲਾਲ ਖੁੱਲਰ, ਸਾਬਕਾ ਮੁੱਖ ਸਲਾਹਕਾਰ ਸ਼੍ਰੀ ਕੁਲਵੰਤ ਸਿੰਘ ਸਹਿਤ ਡੀਏਵੀ ਕਾਲਜ ਜਲੰਧਰ, ਐਚ.ਐਮ.ਵੀ. ਕਾਲਜ, ਡੀਏਵੀ ਫਿਜ਼ਿਓਥੈਰੇਪੀ ਕਾਲਜ, ਦਯਾਨੰਦ ਆਯੁਰਵੈਦਿਕ ਕਾਲਜ, ਕੇ.ਆਰ.ਐਮ.ਡੀਏਵੀ ਕਾਲਜ ਨਕੋਦਰ, ਡੀਏਵੀ ਕਾਲਜ ਅਬੋਹਰ, ਐਸ.ਐਲ.ਬਾਵਾ ਡੀਏਵੀ ਕਾਲਜ ਬਟਾਲਾ, ਡੀਏਵੀ ਕਾਲਜ ਅੰਮ੍ਰਿਤਸਰ, ਡੀਏਵੀ ਕਾਲਜ ਆਫ ਐਜੁਕੇਸ਼ਨ ਅੰਮ੍ਰਿਤਸਰ, ਡੀਏਵੀ ਕਾਲਜ ਮਲੋਟ, ਜੇਸੀ ਡੀਏਵੀ ਕਾਲਜ ਦਸੁਹਾ, ਡੀਏਵੀ ਕਾਲਜ ਗਿੱਦੜਬਾਹਾ ਦੇ ਨਾਨ ਟੀਚਿੰਗ ਕਰਮਚਾਰੀ ਵੀ ਮੌਜੂਦ ਸਨ।
Share on Google Plus

About Unknown

    Blogger Comment
    Facebook Comment

0 comments:

Post a Comment