ਗ਼ਦਰ ਲਹਿਰ ਨੂੰ ਔਰੇਗਨ ਸੂਬੇ ਦੇ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸੁਆਗਤ

ਜਲੰਧਰ 17 ਜੁਲਾਈ (ਜਸਵਿੰਦਰ ਆਜ਼ਾਦ)- ਅਮਰੀਕਾ ਦੇ ਸਕੂਲੀ ਪਾਠਕ੍ਰਮ ਵਿਚ ਵਿਸ਼ਵ ਵਿਆਪੀ ਅਮਨ ਭਾਈਚਾਰੇ ਤੇ ਬਰਾਬਰੀ ਵਾਲੇ ਪ੍ਰਬੰਧ ਦੀ ਪੈਰੋਕਾਰ ਗ਼ਦਰ ਲਹਿਰ ਦੇ ਇਤਿਹਾਸ ਨੂੰ ਪੜਾਉਣ ਬਾਰੇ ਅਮਰੀਕੀ ਸੈਨੇਟ ਦੇ ਫੈਸਲੇ ਦਾ ਦੇਸ਼ ਭਗਤ ਯਾਦਗਾਰ ਕਮੇਟੀ ਨੇ ਭਰਪੂਰ ਸੁਆਗਤ ਕੀਤਾ।
ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ 1913 ਵਿਚ ਔਰੇਗਨ ਸਟੇਟ ਦੇ ਅਸਟੋਰੀਆ ਸ਼ਹਿਰ ਵਿਚ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਰਾਹ ਪੱਧਰਾ ਕਰਨ ਵਾਲੀ ਗ਼ਦਰ ਲਹਿਰ ਦੀ ਪਹਿਲੀ ਮੀਟਿੰਗ ਹੋਈ ਸੀ। ਇਸ ਤੋਂ ਪਿੱਛੋਂ ਹਜ਼ਾਰਾਂ ਗ਼ਦਰੀ ਦੇਸ਼ ਭਗਤ ਆਪਣੇ ਕਾਰੋਬਾਰ ਬੰਦ ਕਰਕੇ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਭਾਰਤ ਪੁੱਜੇ ਸਨ। ਭਾਰਤ ਪੁੱਜਣ 'ਤੇ ਇਥੋਂ ਦੀ ਅੰਗਰੇਜ਼ ਸਰਕਾਰ ਨੇ ਹਜ਼ਾਰਾਂ ਗ਼ਦਰੀਆਂ ਨੂੰ ਫਾਂਸੀਆਂ, ਕਾਲੇ ਪਾਣੀਆਂ, ਉਮਰ ਕੈਦਾਂ ਅਤੇ ਹੋਰ ਅਣਮਨੁੱਖੀ ਤਸੀਹੇ ਦਿੱਤੇ ਸਨ।
ਕਮੇਟੀ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਹਿੰਦੋਸਤਾਨ ਦੀ ਆਜ਼ਾਦੀ ਵਿਚ ਗ਼ਦਰ ਪਾਰਟੀ ਦੀ ਅਹਿਮ ਭੂਮਿਕਾ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਔਰੇਗਨ ਸਟੇਟ ਦੇ ਅਸਟੋਰੀਆ ਸ਼ਹਿਰ ਵਿਚ ਗ਼ਦਰ ਪਾਰਟੀ ਦੀ 105ਵੀਂ ਵਰੇਗੰਢ ਮੌਕੇ ਔਰੇਗਨ ਦੇ ਅਟਾਰਨੀ ਜਨਰਲ ਐਲਨ ਐਫ ਵੱਲੋਂ ਐਲਾਨ ਕੀਤਾ ਗਿਆ ਕਿ 105 ਵਰੇ ਪਹਿਲਾਂ ਹੋਂਦ ਵਿਚ ਆਈ ਗ਼ਦਰ ਲਹਿਰ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇਗਾ।
ਇਸ ਮੌਕੇ ਔਰਗਨ ਦੇ ਗਵਰਨਰ ਕੇਟ ਬ੍ਰਾਊਨ ਨੇ ਕਿਹਾ ਕਿ ਇਕ ਸਦੀ ਪਹਿਲਾਂ ਭਾਰਤ ਅਤੇ ਪੱਛਮ ਵਿਚ ਗ਼ਦਰ ਪਾਰਟੀ ਨੇ ਵੱਡੀ ਪੁਲਾਂਘ ਪੁੱਟਦਿਆਂ ਭਾਰਤ ਵਿਚ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਲਈ ਰਾਹ ਪੱਧਰਾ ਕੀਤਾ ਸੀ। ਕੋਲੰਬੀਆ ਨਦੀ ਕੰਢੇ ਪੂਰਾ ਦਿਨ ਚੱਲੇ ਸਮਾਗਮ ਨੂੰ ਵੱਖ-ਵੱਖ ਭਾਈਚਾਰੇ ਦੇ ਲੋਕਾਂ ਸੰਬੋਧਨ ਕੀਤਾ। ਸਮਾਗਮ ਵਿਚ ਔਰਗਨ ਤੋਂ ਇਲਾਵਾ ਵਾਸ਼ਿੰਗਟਨ, ਕੈਲੇਫੋਰਨੀਆ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਇਹ ਸਮਾਗਮ ਉਸ ਇਮਾਰਤ ਨੇੜਲੇ ਪਾਰਕ ਵਿਚ ਹੋਇਆ ਜਿਸ ਵਿਚ 1913 ਵਿਚ ਭਾਰਤੀਆਂ ਨੇ ਪਹਿਲੀ ਮੀਟਿੰਗ ਕਰਕੇ ਗ਼ਦਰ ਪਾਰਟੀ ਦਾ ਗਠਨ ਕੀਤਾ ਸੀ। ਸਥਾਨਕ ਇਤਿਹਾਸਕਾਰ ਜੋਹਨਾ ਓਡਨ ਨੇ ਕਿਹਾ ਕਿ ਅਸਟੋਰੀਆ ਵਿਚ ਪਹਿਲੀ ਮੀਟਿੰਗ ਬਾਰੇ ਕੁਝ ਵਰੇ ਪਹਿਲਾਂ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਸੀ। ਇਸ ਤੋਂ ਬਾਅਦ ਉਨਾਂ ਅਸਟੋਰੀਆ ਸਿਟੀ ਕੌਂਸਲ ਨੂੰ ਲਿਖਿਆ, ਜਿਸ ਤੋਂ ਬਾਅਦ ਉਸ ਸਮੇਂ ਦੇ ਮੇਅਰ ਨੇ ਗ਼ਦਰ ਪਾਰਟੀ ਦੀ ਪਹਿਲੀ ਮੀਟਿੰਗ ਦੀ 100ਵੀਂ ਵਰੇਗੰਢ ਦੀ ਯਾਦ ਵਿਚ ਪਾਰਕ ਵਿਚ ਤਖ਼ਤੀ ਲਵਾਈ ਸੀ ਅਤੇ ਸਾਰਾ ਸਾਲ ਗਦਰ ਲਹਿਰ ਨੂੰ ਸਮਰਪਿਤ ਕੀਤਾ ਸੀ।
Share on Google Plus

About Unknown

    Blogger Comment
    Facebook Comment

0 comments:

Post a Comment