ਨਵਜੋਤ ਸਿੱਧੂ ਦੇ ਹੱਕ ਵਿੱਚ ਉੱਤਰੇ ਭਗਵੰਤ ਮਾਨ, ਕਿਹਾ ਫੌਜੀ ਜਰਨੈਲ ਨੂੰ ਜੱਫੀ ਪਾ ਕੇ ਕੁਝ ਗਲਤ ਨਹੀ ਕੀਤਾ

ਖਹਿਰਾ ਦੀ ਬਠਿੰਡਾ ਕਨਵੈਨਸ਼ਨ ਬਾਰੇ ਕਿਹਾ ਪੀਏਸੀ ਤੋਂ ਕੋਈ ਨਹੀ ਉੱਪਰ, ਖਹਿਰੇ ਦੇ ਸਾਥੀ ਦੱਸਣ ਉਨਾਂ ਨੇ ਟਿਕਟਾਂ ਕਿੰਨੇ ਵਿੱਚ ਖਰੀਦੀਆਂ
ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਾਲੀਆ ਪਾਕਿਸਤਾਨੀ ਦੌਰੇ ਸਮੇਂ ਉੱਥੋਂ ਦੇ ਫੌਜੀ ਜਰਨੈਲ ਨੂੰ ਜੱਫੀ ਪਾਉਣ ਨੂੰ ਲੈ ਕੇ ਭਾਵੇਂ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹੋਣ ਪ੍ਰੰਤੂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅੱਜ ਉਨਾਂ ਦੇ ਹੱਕ ਵਿੱਚ ਉੱਤਰ ਆਏ ਹਨ ਤੇ ਉਨਾਂ ਮੁਤਾਬਿਕ ਫੌਜੀ ਜਰਨੈਲ ਨੂੰ ਜੱਫੀ ਪਾ ਕੇ ਸਿੱਧੂ ਨੇ ਕੁਝ ਵੀ ਗਲਤ ਨਹੀ ਕੀਤਾ ਸਗੋਂ ਅਕਾਲੀ ਭਾਜਪਾ ਤੇ ਹੋਰ ਇਸ ਤੇ ਬੇਵਜਾ ਰਾਜਨੀਤੀ ਕਰ ਰਹੇ ਹਨ।
ਅੱਜ ਹਲਕੇ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਗ੍ਰਹਿ ਵਿਖੇ ਪੁੱਜੇ ਭਗਵੰਤ ਮਾਨ ਦੇ ਚਿਹਰੇ ਤੇ ਪਾਰਟੀ ਵਿੱਚ ਚੱਲ ਰਹੇ ਵਿਵਾਦ ਦਾ ਅਸਰ ਤੇ ਅੱਜ ਵਿਧਾਇਕਾ ਦੇ ਗ੍ਰਹਿ ਵਿਖੇ ਰੱਖੇ ਇਕੱਠ ਵਿੱਚ ਬਹੁਤ ਥੋੜੀ ਮਾਤਰਾ ਵਿੱਚ ਪੁੱਜੇ ਕਾਰਕੁੰਨਾਂ ਦੀ ਮਾਯੂਸੀ ਸਾਫ ਦਿਖਾਈ ਦੇ ਰਹੀ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਜੇ ਪਾਕਿਸਤਾਨੀ ਫੌਜੀ ਜਰਨੈਲ ਦੇ ਕਹੇ ਅਨੁਸਾਰ ਕਰਤਾਰ ਪੁਰ ਸਾਹਿਬ ਗੁਰਦੁਆਰਾ ਸਾਹਿਬ ਵਾਲਾ ਲਾਂਘਾ ਖੁੱਲਦਾ ਹੈ ਤਾਂ ਜਰਨੈਲ ਨੂੰ ਜੱਫੀ ਪਾ ਕੇ ਨਵਜੋਤ ਸਿੱਧੂ ਨੇ ਕੁਝ ਗਲਤ ਨਹੀਂ ਕੀਤਾ ਕਿਉਂਕਿ ਸਿੱਧੂ ਉੱਥੇ ਗਿਆ ਵੀ ਨਿੱਜੀ ਦੌਰੇ ਤੇ ਸੀ ਨਾ ਕਿ ਮੰਤਰੀ ਹੋਣ ਨਾਤੇ। ਉਨਾਂ ਕਿਹਾ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਜੱਫੀ ਪਾ ਸਕਦੇ ਹਨ ਤਾਂ ਫਿਰ ਨਵਜੋਤ ਨੇ ਅਜਿਹਾ ਕਿਹੜਾ ਘਾਣ ਕਰ ਦਿੱਤਾ। ਉਨਾਂ ਕਿਹਾ ਕਿ ਭਾਰਤ ਪਾਕਿਸਤਾਨ ਵਿਵਾਦ ਵਿੱਚ ਹਮੇਸ਼ਾਂ ਦੋਵਾਂ ਪਾਸਿਆਂ ਵਾਲੇ ਪੰਜਾਬ ਦਾ ਹੀ ਨੁਕਸਾਨ ਹੁੰਦਾ ਰਿਹਾ ਹੈ ਇਸਲਈ ਸਾਨੂੰ ਤਾਂ ਫਾਇਦਾ ਤਾਂ ਹੀ ਹੈ ਜੇ ਦੋਵਾਂ ਮੁਲਕਾਂ ਵਿੱਚ ਗੱਲਬਾਤ ਸ਼ੁਰੂ ਹੋਵੇ ਇਸਲਈ ਸਿੱਧੂ ਮਾਮਲੇ ਤੇ ਸਿਆਸਤ ਨਹੀਂ ਹੋਣੀ ਚਾਹਿਦੀ। ਪਾਰਟੀ ਵਿੱਚ ਪੈਦਾ ਹੋਏ ਵਿਵਾਦ ਤੇ ਬੋਲਦਿਆਂ ਪਹਿਲਾਂ ਤਾਂ ਭਗਵੰਤ ਮਾਨ ਨੇ ਕਿਹਾ ਕਿ ਘਰ ਦਾ ਮਸਲਾ ਹੈ ਦੋ ਭਰਾਵਾਂ ਵਿੱਚ ਵੀ ਕਈ ਵਾਰ ਕੰਧਾਂ ਨਿੱਕਲ ਜਾਂਦੀਆਂ ਹਨ ਇਸਲਈ ਜਲਦ ਮਸਲਾ ਸਮਝਾ ਲਿਆ ਜਾਵੇਗਾ ਪ੍ਰੰਤੂ ਜਦੋਂ ਉਨਾਂ ਦਾ ਧਿਆਨ ਖਹਿਰਾ ਦੇ ਬਿਆਨ ਵੱਲ ਦੁਆਇਆ ਗਿਆ ਕਿ ਬਠਿੰਡਾ ਕਨਵੈਨਸ਼ਨ ਵਿੱਚ ਪਾਸ ਹੋਏ ਮਤਿਆਂ ਨੂੰ ਪ੍ਰਵਾਨ ਕਰੇ ਬਿਨਾਂ ਗੱਲਬਾਤ ਨਹੀ ਹੋ ਸਕਦੀ ਤਾਂ ਉਨਾਂ ਹਮਲਾਵਰ ਰੁਖ ਅਪਣਾੳਂੁਦਿਆਂ ਕਿਹਾ ਕਿ ਪਾਰਟੀ ਵਿੱਚ ਪੀੇਏਸੀ ਸਭ ਤੋਂ ਵੱਡੀ ਹੈ ਤੇ ਉਸਦੀ ਸਹਿਮਤੀ ਨਾਲ ਹੀ ਸਭ ਕੁਝ ਪਾਰਟੀ ਵਿੱਚ ਹੁੰਦਾ ਹੈ। ਉਨਾਂ ਕਿਹਾ ਕਿ ਬਠਿੰਡਾ ਕਨਵੈਨਸ਼ਨ ਵਿੱਚ ਮਤੇ ਪਾਸ ਕਰਨ ਦਾ ਅਧਿਕਾਰ ਖਹਿਰਾ ਗਰੁੱਪ ਨੂੰ ਕਿਸਨੇ ਦਿੱਤ। ਮਾਨ ਨੇ ਕਿਹਾ ਕਿ ਜੇ ਕਾਂਗਰਸ ਦੇ 20 ਵਿਧਾਇਕ ਇਕੱਠੇ ਹੋ ਕੇ ਕਹਿ ਦੇਣ ਕੇ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਪਦ ਤੋਂ ਹਟਾ ਦਿੱਤਾ ਤੇ ਉਨਾਂ ਦੇ ਸਮੱਰਥਕ ਹੱਥ ਖੜੇ ਕਰ ਦੇਣ ਤਾਂ ਉਹ ਅਹੁਦੇ ਤੋਂ ਤਾਂ ਨਹੀ ਉੱਤਰ ਜਾਣਗੇ।
ਉਨਾਂ ਕਿਹਾ ਕਿ ਪਾਰਟੀ ਸੰਵਿਧਾਨ ਮੁਤਾਬਿਕ ਚਲਦੀ ਹੈ ਬਕਾਇਦਾ ਅਨੁਸ਼ਾਸਨ ਬਣਿਆ ਹੋਇਆ ਹੈ। ਜਦੋਂ ਪੱਤਰਕਾਰਾਂ ਨੇ ਖਹਿਰਾ ਗਰੁੱਪ ਵੱਲੋਂ ਟਿਕਟਾਂ ਵੇਚਣ ਦੇ ਲਾਏ ਇਲਜਾਮਾਂ ਬਾਰੇ ਮਾਨ ਨੂੰ ਪੁੱਛਿਆ ਤਾਂ ਉਨਾਂ ਵਾਰ ਕਰਦਿਆਂ ਕਿਹਾ ਕਿ ਪਹਿਲਾਂ ਖਹਿਰੇ ਨਾਲ ਦੇ ਵਿਧਾਇਕ ਦੱਸਣ ਕਿ ਉਨਾਂ ਨੇ ਟਿਕਟਾਂ ਕਿੰਨੇ ਕਿੰਨੇ ਰੁਪਈਆਂ ਵਿੱਚ ਲਈਆਂ ਤੇ ਪੈਸੇ ਕਿਸਨੂੰ ਦਿੱਤੇ।ਉਨਾਂ ਕਿਹਾ ਕਿ 'ਆਪ' ਨੇ ਟਿਕਟਾਂ ਬੇਰੁਜਗਾਰਾਂ, ਪੱਤਰਕਾਰਾਂ ਤੇ ਲਾਈਨਮੈਨਾਂ ਨੂੰ ਦਿੱਤੀਆਂ ਹਨ ਨਾਂ ਕਿ ਵੇਚੀਆਂ ਗਈਆਂ ਹਨ। ਮਾਨ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਰੈਲੀ ਕਰਨ ਤੇ ਉਨਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਸਾਡੇ ਆਗੂਆਂ ਨੂੰ ਬਾਹਰੀ ਦੱਸਦੇ ਸਨ ਉਹ ਹੁਣ ਦੱਸਣ ਕਿ ਉਹ ਹਰਿਆਣੇ ਵਿੱਚ ਕੀ ਕਰਨ ਗਏ ਸਨ।
ਇਸ ਮੌਕੇ ਭਗਵੰਤ ਮਾਨ ਨੇ ਵਿਧਾਇਕਾ ਬਲਜਿੰਦਰ ਕੌਰ ਦੇ ਗ੍ਰਹਿ ਵਿਖੇ ਪੁੱਜੇ ਕਾਰਕੁੰਨਾਂ ਨੂੰ ਵੀ ਸੰਬੋਧਨ ਕਰਦਿਆਂ ਉਨਾਂ ਨੂੰ ਪਾਰਟੀ ਦੀ ਮਜਬੂਤੀ ਲਈ ਡਟਣ ਦਾ ਸੱਦਾ ਦਿੰਦਿਆਂ ਭਰੋਸਾ ਦੁਆਇਆ ਕਿ ਜਲਦ ਸਭ ਕੁਝ ਠੀਕ ਹੋ ਜਾਵੇਗਾ। ਵਿਧਾਇਕਾ ਬਲਜਿੰਦਰ ਕੌਰ ਨੇ ਸਮੁੱਚੀਆਂ ਸਖਸ਼ੀਅਤਾਂ ਦਾ ਉਨਾਂ ਦੇ ਗ੍ਰਹਿ ਵਿਖੇ ਪੁੱਜਣ ਤੇ ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਨਛੱਤਰ ਸਿੰਘ ਦਾਨ ਸਿੰਘ ਵਾਲਾ, ਐਡਵੋਕੇਟ ਸਤਿੰਦਰ ਸਿੱਧੂ ਕੌਂਸਲਰ, ਬੂਟਾ ਸਿੰਘ ਮੈਂਬਰ ਬਲਾਕ ਸੰਮਤੀ, ਕੇਵਲ ਸਿੰਘ ਨਿੱਜੀ ਸਹਾਇਕ, ਤਰਸੇਮ ਸਿੰਗਲਾ, ਡਾ. ਰਾਜਵੀਰ ਸਿੰਘ ਤਲਵੰਡੀ ਸਾਬੋ, ਲਾਡੀ ਜੰਬਰ ਬਸਤੀ ਆਦਿ ਹਾਜਿਰ ਸਨ।
...ਨਹੀ ਦਿਖਾਈ ਦਿੱਤਾ ਭਗਵੰਤ ਮਾਨ ਦਾ ਉਹ ਜਲਵਾ....
ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਇਕੱਠ ਜੁਟਾਉਣ ਦਾ ਵੱਡਾ ਬ੍ਰਹਮਅਸਤਰ ਮੰਨੇ ਜਾਂਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਅੱਜ ਹਲਕੇ ਦੇ ਪਿੰਡ ਜਗਾ ਰਾਮ ਤੀਰਥ ਪੁੱਜਣ ਮੌਕੇ ਪਾਰਟੀ ਵਿੱਚ ਪਿਛਲੇ ਸਮੇਂ ਤੋਂ ਪੈਦਾ ਹੋਏ ਵਿਵਾਦ ਦਾ ਨਤੀਜਾ ਕਹਿ ਲਵੋ ਜਾਂ ਭਗਵੰਤ ਮਾਨ ਦੇ ਪਿਛਲੇ ਲੰਬੇ ਅਰਸੇ ਤੋਂ ਸੂਬੇ ਦੀ ਰਾਜਨੀਤੀ ਤੋਂ ਦੂਰੀ ਬਣਾ ਕੇ ਚੱਲਣ ਦਾ ਨਤੀਜਾ ਕਿ ਹਜਾਰਾਂ ਦਾ ਇਕੱਠ ਜੁਟਾ ਲੈਣ ਵਾਲੇ ਮਾਨ ਦੀ ਆਮਦ ਮੌਕੇ ਅੱਜ ਵਰਕਰਾਂ ਦਾ ਅੰਕੜਾ ਦੋ-ਢਾਈ ਸੌ ਤੋਂ ਪਾਰ ਨਹੀ ਲੰਘ ਸਕਿਆ। ਭਾਂਵੇ ਪਾਰਟੀ ਆਗੂਆਂ ਦਾ ਕਹਿਣਾ ਸੀ ਕਿ ਮਾਨ ਦਾ ਕੋਈ ਪ੍ਰੋਗਰਾਮ ਨਹੀ ਸੀ ਉਹ ਰਾਜਸਥਾਨ ਜਾ ਰਹੇ ਸਨ ਤੇ ਰਾਸਤੇ ਵਿੱਚ ਉਨਾਂ ਨੇ ਵਿਧਾਇਕਾ ਬਲਜਿੰਦਰ ਕੌਰ ਦੇ ਘਰ ਚਾਹ ਹੀ ਪੀਣੀ ਸੀ ਪ੍ਰੰਤੂ ਫਿਰ ਵੀ ਜਿਸ ਸਖਸ਼ੀਅਤ ਨੂੰ ਦੇਖਣ ਸੁਨਣ ਲਈ ਹੀ ਲੋਕ ਵੱਡੀ ਮਾਤਰਾ ਵਿੱਚ ਪੁੱਜ ਜਾਇਆ ਕਰਦੇ ਸਨ ਅੱਜ ਉਨਾਂ ਦੇ ਹਲਕੇ ਦੇ ਸਭ ਤੋਂ ਵੱਡੇ ਪਿੰਡ ਵਿੱਚ ਪੁੱਜਣ ਮੌਕੇ ਵੀ ਭੀੜ ਇਕੱਤਰ ਨਾ ਹੋਣ ਤੇ ਵਰਕਰ ਘੁਸਰ ਮੁਸਰ ਕਰਦੇ ਸੁਣਾਈ ਦਿੱਤੇ ਕਿ ਮਾਨ ਸਾਹਿਬ ਦਾ ਸ਼ਾਇਦ ਹੁਣ ਉਹ ਜਲਵਾ ਨਹੀ ਰਹਿ ਗਿਆ।
Share on Google Plus

About Unknown

    Blogger Comment
    Facebook Comment

0 comments:

Post a Comment