(ਅਧਿਆਪਕ ਦਿਵਸ ਉੱਤੇ ਵਿਸ਼ੇਸ਼) ਅਧਿਆਪਕ ਸੁਖ ਅਸੀਸਾਂ ਦੀ ਦਾਤ

ਅਧਿਆਪਕ ਉਹ ਹੈ ਜੋ ਵਿਦਿਆਰਥੀ ਨੂੰ ਜਿੱਤਣ ਅਤੇ ਖੋਹਣ ਵਿੱਚ ਅੰਤਰ ਸਪਸ਼ਟ ਕਰਦਾ ਹੋਇਆ,ਉਹਨਾਂ ਦੇ ਮਨ ਦੀ ਸਿਤਾਰ ਉੱਤੇ  ਆਪਣੇ ਦਿਲ ਦੀ ਮਿਜਰਾਬ ਫੇਰਦਾ, ਜਿੰਦਗੀ ਦੀ ਅਸੀਸ ਭਰਦਾ , ਗਿਆਨ ਵਿਹੂਣੇ ਬੰਦ ਦਰਵਾਜ਼ੇ ਖੋਲਦਾ ਪਗਡੰਡੀਆ ਨੂੰ ਰਾਹ ਬਣਾ ਦਿੰਦਾ ਹੈ । ਉਸਦੀ ਤੱਕਣੀ ਵਿਦਿਆਰਥੀਆਂ ਅੰਦਰ ਸੁਪਣਿਆ ਨੂੰ ਲਾਸਾਨੀ ਹੋਣ ਦੀ ਰੀਝ ਨੂੰ ਬਲਵਾਨ ਬਣਾਉਂਦੀ ਹੋਈ ਅੰਦਰੂਨੀ ਤਾਕਤ ਨੂੰ ਨਜਾਕਤ, ਨਜਾਕਤ ਨੂੰ ਲਿਆਕਤ ਵਿੱਚ ਬਦਲ ਦਿੰਦੀ ਹੈ । ਸਮਾਜ ਵਿੱਚ  ਪਰਿਵਰਤਨ ਲਿਆਉਣ ਵਾਲੇ ਦਾ ਨਾਂਅ ਅਧਿਆਪਕ ਹੈ ਜੋ ਕਰਮ ਨੂੰ ਵਿਚਾਰ,  ਵਿਚਾਰ ਨੂੰ ਕਲਪਨਾ ਅਤੇ ਕਲਪਨਾ ਨੂੰ ਅਨੁਭਵ ਵਿੱਚ ਬਦਲਣ ਦਾ ਯਤਨ ਕਰਦਾ ਹੋਇਆ ਸ਼ਬਦ ਨੂੰ ਅਰਥ, ਅਰਥ ਨੂੰ ਰਸ ਅਤ ਰਸ ਨੂੰ ਸੁਹਜ ਤਕ ਪਹੁੰਚਾ ਦਿੰਦਾ ਹੈ ।
ਅਜਿਹੇ ਅਧਿਆਪਕ  ਵਿਦਿਆਰਥੀਆ ਦੇ ਚਿਹਰੇ ਦਰਿਆ ਦੀਆਂ ਛੱਲਾਂ ਨਾਲ ਧੋਂਦੇ ਹੋਏ ਹਨੇਰਿਆ ਨੂੰ ਰਸ਼ਨਾਉਣ ਦੀ  ਤਾਕਤ ਪੈਦਾ ਕਰਦੇ ਹਨ। ਅਧਿਆਪਕ  ਅਨਿਸਚਤਾ ਦੇ ਵਾਤਾਵਰਨ ਵਿੱਚ ਵੀ ਵਿਦਿਆਰਥੀਆਂ ਦੇ  ਸਥਿਰ ਭਵਿੱਖ  ਲਈ ਤਾਂਘ ਰਖਦਾ ਹੈ।ਇਤਿਹਾਸ ਗਵਾਹ ਹੈ ਕਿ  ਸੋਚ ਦੀ ਅਮੀਰੀ, ਚਰਿੱਤਰ ਦੀ ਉਸਾਰੀ ਅਤੇ ਸਮਾਜ ਦਾ ਨਿਰਮਾਣ ਕੋਈ ਹਾਕਮ ਜਮਾਤ ਨਹੀਂ ਕਰਦੀ ਸਗੋਂ ਇਹ ਹੰਡਣਸਾਰ ਵਿਕਾਸ ਇਕ ਇਨਕਲਾਬੀ ਅਧਿਆਪਕ ਨਿਰੰਤਰ ਲਿਆਉਣ ਦੀ ਤਾਕਤ ਰਖਦਾ ਹੈ ਕਿਉਂਕਿ ਉਸਦਾ ਸੁਭਾਅ ਮਾਰੂਥਲਾਂ ਨੂੰ ਹਰਿਆਵਲ ਵਿੱਚ ਬਦਲਣ ਦਾ ਹੈ।ਸਚਾਈ ਇਹ ਹੈ ਕਿ ਅਧਿਆਪਕ  ਵਿਦਿਆਰਥੀ ਦੇ ਚਿਹਰੇ ਤੇ ਨਿਰਾਸਤਾ, ਪ੍ਰੇਸ਼ਾਨੀ ਅਤੇ ਉਦਾਸੀ ਨਹੀ ਵੇਖ ਸਕਦਾ ਤੇ ਆਪਣੇ ਅਨੁਭਵੀ ਅਭਿਆਸ ਦੇ ਆਧਾਰ ਤੇ ਡੂੰਘੀ ਸੂਝ-ਸਮਝ ਨਾਲ ਉਸ ਦੀ ਸਮੱਸਿਆ ਨੂੰ ਸਧਾਰਨ ਵਰਤਾਰੇ ਵਿੱਚ ਬਦਲਣ ਵਿਚ ਅਹਿਮ ਯੋਗਦਾਨ ਪਾਉਂਦਾ ਹੈ।  ਅਧਿਆਪਕ ਸਮਾਜ ਦੀ ਉਹ ਤਾਰ ਹੈ ਜਿਸ ਅੰਦਰੋਂ ਸ਼ਿਦਤ ਨਾਲ ਜਿਉਣ ਅਤੇ  ਸਿਦਕ ਨਾਲ ਜਿੱਤਣ  ਦਾ ਸੰਗੀਤ ਉਪਜਦਾ ਹੈ ।  ਉਹ ਆਪਣੇ ਜੀਵਨ ਦੇ ਦਰਦਾਂ ਨੂੰ ਭੁੱਲ ਕੇ ਸ਼ਬਨਮ ਵਾਲੀ ਦਰਿਆਦਿਲੀ  ਨਾਲ ਸੁੰਦਰਤਾ ਦੀਆਂ ਅਨੇਕਾਂ ਪਰਤਾਂ ਉਪਰੋਂ ਪਰਦਾ ਹਟਾਉਦਾ ਹੋਇਆ ਸੂਖਮ ਭਾਵਨਾਵਾਂ ਦੇ ਮੋਤੀ ਲੁਟਾ ਦਿੰਦਾ ਹੈ।ਪਰ ਅਜ ਅਧਿਆਪਕ ਬੇਗਾਨਗੀ ਦਾ ਅਹਿਸਾਸ ਕਰ ਰਿਹਾ ਹੈ , ਉਹ ਆਪਣੀਆਂ ਸਫਲਤਾਵਾਂ ਤੋਂ ਆਤਮ ਵਿਸ਼ਵਾਸ ਪਰਾਪਤ ਕਰਨ ਦੀ ਥਾਂ ਆਪਣੇ ਨੂਰ ਦੀ ਤਾਂਘ ਦੇ ਲਿਸ਼ਕਾਰੇ ਨੂੰ ਟੁੱਟੇ ਪੁਲ ਵਾਂਗ ਭਟਕਣ ਦੇ ਸਮੁੰਦਰ ਵਿੱਚ ਠੇਲ ਰਿਹਾ ਹੈ।
-ਡਾ. ਬਲਜੀਤ ਕੌਰ, (ਸਟੇਟ ਐਵਾਰਡੀ)
Share on Google Plus

About Unknown

    Blogger Comment
    Facebook Comment

0 comments:

Post a Comment