ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਿੰਚਾਈ ਮੰਤਰੀ ਸੁਖਸਰਕਾਰੀਆ ਨਾਲ ਕੀਤੀ ਮੁਲਾਕਾਤ, ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)-  ਹਲਕਾ ਤਲਵੰਡੀ ਸਾਬੋ ਦੇ ਟੇਲ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਬੀਤੇ ਸਮੇਂ ਤੋਂ ਸਿੰਚਾਈ ਲਈ ਪੇਸ਼ ਆ ਰਹੀ ਪਾਣੀ ਦੀ ਮੁਸ਼ਕਿਲ ਨੂੰ ਦੇਖਦਿਆਂ ਅੱਜ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਦੇ ਸਿੰਚਾਈ ਮੰਤਰੀ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨਾਲ ਮੁਲਾਕਾਤ ਕਰਕੇ ਉਨਾ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਂਉਦਿਆਂ ਉਕਤ ਮਸਲੇ ਦਾ ਜਲਦ ਹੱਲ ਕੱਢਣ ਲਈ ਮੰਗ ਪੱਤਰ ਵੀ ਦਿੱਤਾ।
ਅੱਜ ਸ਼ਾਮ ਨੂੰ ਪ੍ਰੈੱਸ ਨੂੰ ਜਾਰੀ ਪ੍ਰੈੱਸ ਰਿਲੀਜ ਵਿੱਚ ਵਿਧਾਇਕਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਜਗਾ, ਸੀਂਗੋ, ਲਹਿਰੀ, ਬਹਿਮਣ ਕੌਰ ਸਿੰਘ ਅਤੇ ਮੈਨੂੰਆਣਾ ਦੇ ਨਾਲ ਨਾਲ ਦਰਜਨਾਂ ਪਿੰਡਾਂ ਦੇ ਖੇਤਾਂ ਨੂੰ ਸੀਂਗੋ, ਜਗਾ ਤੇ ਸੰਦੋਹਾ ਬ੍ਰਾਂਚ ਤੋਂ ਪਾਣੀ ਆਉਂਦਾ ਹੈ ਪ੍ਰੰਤੂ ਪਿਛਲੇ ਕਰੀਬ ਤਿੰਨ ਚਾਰ ਸਾਲਾਂ ਤੋਂ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਲਈ ਭਾਰੀ ਜਦੋ-ਜਹਿਦ ਕਰਨੀ ਪੈ ਰਹੀ ਹੈ ਤੇ ਲੋੜੀਂਦਾ ਪਾਣੀ ਨਾ ਮਿਲਣ ਕਾਰਣ ਉਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਵਿਧਾਇਕਾ ਨੇ ਦੱਸਿਆ ਕਿ ਪਿਛਲੇ ਦਿਨੀ ਹਲਕੇ ਦੇ ਕਈ ਪਿੰਡਾਂ ਦੇ ਉਨਾਂ ਕੋਲ ਪੁੱਜੇ ਸੈਂਕੜੇ ਕਿਸਾਨਾਂ ਨੇ ਗੁਹਾਰ ਲਗਾਈ ਸੀ ਕਿ ਜਦੋਂ ਤੋਂ ਬਣਾਂਵਾਲੀ ਵਿੱਚ ਥਰਮਲ ਪਲਾਂਟ ਹੋਂਦ ਵਿੱਚ ਆਇਆ ਹੈ ਤਾਂ ਥਰਮਲ ਪਲਾਂਟ ਪ੍ਰਬੰਧਕ ਆਪਣੀ ਪਾਣੀ ਦੀ ਜਰੂਰਤ ਪੂਰੀ ਕਰਨ ਲਈ ਉਕਤ ਬ੍ਰਾਂਚਾਂ ਤੋਂ ਪਾਣੀ ਜਦੋਂ ਮਰਜੀ ਥਰਮਲ ਨੂੰ ਛੱਡ ਲੈਂਦੇ ਹਨ ਜਿਸ ਕਰਕੇ ਖੇਤਾਂ ਤੱਕ ਪਾਣੀ ਪਹੁੰਚ ਹੀ ਨਹੀਂ ਰਿਹਾ ਤੇ ਕਿਸਾਨ ਮਹਿੰਗੇ ਭਾਅ ਦਾ ਡੀਜਲ ਬਾਲ ਕੇ ਫਸਲਾਂ ਪਾਲਣ ਲਈ ਮਜਬੂਰ ਹਨ।ਉਨਾਂ ਕਿਹਾ ਕਿ ਕਿਸਾਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ ਅੱਜ ਉਨਾਂ ਨੇ ਸਿੰਚਾਈ ਮੰਤਰੀ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨਾਲ ਮੁਲਾਕਾਤ ਕਰਕੇ ਉਨਾਂ ਤੋਂ ਉਕਤ ਮਸਲੇ ਦੇ ਤੁਰੰਤ ਹੱਲ ਦੀ ਮੰਗ ਕੀਤੀ। ਵਿਧਾਇਕਾ ਨੇ ਕਿਹਾ ਕਿ ਉਨਾਂ ਨੇ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਕਿਸਾਨਾਂ ਵੱਲੋਂ ਹਸਤਾਖਰ ਕਰਕੇ ਤਿਆਰ ਕੀਤਾ ਮੰਗ ਪੱਤਰ ਵੀ ਸਿੰਚਾਈ ਮੰਤਰੀ ਨੂੰ ਸੌਂਪਿਆ। ਵਿਧਾਇਕਾ ਨੇ ਕਿਹਾ ਕਿ ਸਿੰਚਾਈ ਮੰਤਰੀ ਨੇ ਉਨਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਇਸ ਮਸਲੇ ਤੇ ਤੁਰੰਤ ਐਕਸ਼ਨ ਲੈ ਕੇ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜੇ ਕੋਈ ਖਾਮੀ ਪਾਈ ਗਈ ਤਾਂ ਉਸਨੂੰ ਦਰੁਸਤ ਕੀਤਾ ਜਾਵੇਗਾ। ਸਿੰਚਾਈ ਮੰਤਰੀ ਨੂੰ ਮੰਗ ਪੱਤਰ ਦੇਣ ਮੌਕੇ ਵਿਧਾਇਕਾ ਨਾਲ ਬਹਿਮਣ ਦੇ ਕਿਸਾਨ ਤੇ ਮੋਹਤਬਰ ਆਗੂ ਬਲਜਿੰਦਰ ਸਿੰਘ ਬਹਿਮਣ ਵੀ ਮੌਜੂਦ ਸਨ।
Share on Google Plus

About Unknown

    Blogger Comment
    Facebook Comment

0 comments:

Post a Comment